ਜਿਸ ਪਿਆਰ ਵਿਚ ਕੋਈ ਖ਼ਤਰਾ ਨਹੀਂ ਹੁੰਦਾ, ਉਹ ਵਿਆਹ ਹੁੰਦਾ ਹੈ।
ਹੱਸਣ ਮਗਰੋਂ ਚਿਹਰਾ ਪੂੰਝਣਾ ਨਹੀਂ ਪੈਂਦਾ, ਰੋਣ ਮਗਰੋਂ ਧੋਣਾ ਵੀ ਪੈਂਦਾ ਹੈ।
ਭਾਰਤ ਵਾਸੀ ਉਠਦੇ ਜਲਦੀ ਹਨ, ਪਰ ਇਹ ਜਾਗਦੇ ਦੇਰ ਨਾਲ ਹਨ।
ਕਈ ਇਸਤਰੀ-ਪੁਰਸ਼ ਜੋੜੇ ਤਾਂ ਬਣ ਜਾਂਦੇ ਹਨ, ਪਰ ਉਹ ਜੁੜਦੇ ਕਦੇ ਨਹੀਂ।
ਭਾਰਤੀ ਧਰਮਾਂ ਨੇ ਧਨ ਦੀ ਨਿੰਦਾ ਕਰ-ਕਰ ਕੇ, ਇਸ ਦਾ ਲਾਲਚ ਵਧਾ ਦਿੱਤਾ ਹੈ।
ਵਾਲ ਰੰਗਣ ਵਾਲਿਆਂ ਨੂੰ ਅਕਲ ਨਾਲੋਂ ਉਮਰ ਦੀ ਵਧੇਰੇ ਚਿੰਤਾ ਹੁੰਦੀ ਹੈ।
ਕਿਸਮਤ ਕੰਵਾਰੇ ਬੰਦੇ ਦੀ ਹੁੰਦੀ ਹੈ, ਵਿਆਹੇ ਬੰਦੇ ਦੀ ਪਤਨੀ ਹੁੰਦੀ ਹੈ।
ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਸੰਕਟ ਸਾਹਮਣੇ ਹੁੰਦਾ ਹੈ।
ਜਦੋਂ ਬਹਿਸ ਅਰੰਭ ਹੋ ਜਾਵੇ ਤਾਂ ਸਾਰੇ ਸੋਚਣਾ ਬੰਦ ਕਰ ਦਿੰਦੇ ਹਨ।
ਕਈ ਬੜੇ ਸਿਆਣੇ ਹੁੰਦੇ ਹਨ, ਕਈ ਸਿਆਣੇ ਹੋਣ ਤੋਂ ਇਲਾਵਾ ਸਭ ਕੁਝ ਹੁੰਦੇ ਹਨ।
ਆਪਣਾ ਭਵਿੱਖ ਜੋਤਸ਼ੀਆਂ ਤੋਂ ਪੁੱਛਣ ਵਾਲਿਆਂ ਦਾ ਭਵਿੱਖ ਹੁੰਦਾ ਹੀ ਨਹੀਂ।
ਔਰਤ ਤੋਂ ਬਿਨਾਂ ਘਰ ਖਲੋ ਜਾਂਦਾ ਹੈ, ਮਰਦ ਤੋਂ ਬਿਨਾਂ ਘਰ ਚਲਦਾ ਹੀ ਨਹੀਂ।
ਅਜੋਕਾ ਯੁੱਗ ਬਨਾਵਟੀ ਰੋਸ਼ਨੀਆਂ ਅਤੇ ਰੂਹਾਨੀ ਹਨੇਰਿਆਂ ਦਾ ਕਾਲ ਹੈ।
ਸਭ ਤੋਂ ਵੱਧ ਅਧੂਰੀਆਂ ਰਹਿ ਗਈਆਂ ਖਾਹਿਸ਼ਾਂ ਬਾਦਸ਼ਾਹਾਂ ਦੀਆਂ ਹੁੰਦੀਆਂ ਹਨ।
ਗਲਤੀਆਂ ਭੁਲਾ ਦਿੱਤੀਆਂ ਜਾਂਦੀਆਂ ਹਨ, ਪਰ ਹੋਇਆ ਅਪਮਾਨ ਨਹੀਂ ਭੁਲਦਾ।
ਕ੍ਰਿਸ਼ਨ ਕਹਿੰਦਾ ਹੈ ਫਲ ਦੀ ਇੱਛਾ ਨਾ ਕਰੋ, ਬੁੱਧ ਕਹਿੰਦਾ ਹੈ ਇੱਛਾ ਹੀ ਨਾ ਕਰੋ।
ਇਕ ਸੰਸਾਰ ਵਿਚ ਅਸੀਂ ਜਿਊਂਦੇ ਹਾਂ, ਇਕ ਸੰਸਾਰ ਸਾਡੇ ਵਿਚ ਜਿਊਂਦਾ ਹੈ।
ਜਿਥੇ ਵੀ ਪੈਸਾ ਅਤੇ ਤਾਕਤ ਹੋਵੇਗੀ, ਉਥੇ ਇਨ੍ਹਾਂ ਦੀ ਦੁਰਵਰਤੋਂ ਵੀ ਹੋਵੇਗੀ।
ਚੰਗੇ ਸਕੂਲ ਉਹ ਹੁੰਦੇ ਹਨ, ਜਿਥੇ ਕੇਵਲ ਲਾਇਕ ਵਿਦਿਆਰਥੀ ਪਾਸ ਹੁੰਦੇ ਹਨ।
ਕੁੜੀਆਂ ਨੂੰ ਵਿਆਹ ਵਾਲਾ ਜੀਵਨ ਨਹੀਂ, ਵਿਆਹ ਵਾਲਾ ਸਮਾਗਮ ਚੰਗਾ ਲਗਦਾ ਹੈ।
ਕਈਆਂ ਵਿਚ ਬਹਾਦਰੀ ਤੋਂ ਸਿਵਾਏ ਸ਼ੇਰ ਵਾਲੇ ਸਾਰੇ ਲੱਛਣ ਹੁੰਦੇ ਹਨ।
ਸਬੰਧ ਵਿਗੜੇ ਹੋਣ ਤਾਂ ਸਧਾਰਨ ਸ਼ਬਦ ਵੀ ਵਿਅੰਗ ਪ੍ਰਤੀਤ ਹੁੰਦੇ ਹਨ।