ਮਾਪਿਆਂ ਦੇ ਅਕਾਲ-ਚਲਾਣੇ ਮਗਰੋਂ, ਪੁੱਤਰਾਂ ਨੂੰ ਘਰ ਖੁਲ੍ਹਾ-ਖੁਲ੍ਹਾ ਅਤੇ ਧੀਆਂ ਨੂੰ ਘਰ ਖਾਲੀ-ਖਾਲੀ ਲਗਦਾ ਹੈ।
ਨਵੇਂ ਵਿਚਾਰ ਸਾਨੂੰ ਪ੍ਰਸੰਨ ਕਰਦੇ ਹਨ, ਪੁਰਾਣੇ ਵਿਚਾਰ ਸੰਤੁਸ਼ਟ ਕਰਦੇ ਹਨ।
ਪਿੱਛੇ ਵੇਖਦੇ ਰਹਿਣ ਨਾਲ, ਅੱਗੇ ਨਹੀਂ ਜਾਇਆ ਜਾ ਸਕਦਾ।
ਸਵੈ-ਵਿਸ਼ਵਾਸ ਨਾਲ ਪਹਾੜ ਨੀਵੇਂ ਨਹੀਂ ਹੋ ਜਾਂਦੇ, ਚੜ੍ਹਨ ਦਾ ਹੌਸਲਾ ਉੱਚਾ ਹੋ ਜਾਂਦਾ ਹੈ।
ਜਿਸ ਚੀਜ਼ ਵਲ ਮਨੁੱਖ ਧਿਆਨ ਦਿੰਦਾ ਹੈ, ਉਹ ਵਿਕਾਸ ਕਰਨ ਲਗ ਪੈਂਦੀ ਹੈ।
ਚੱਜ-ਆਚਾਰ ਅਤੇ ਸਲੀਕੇ ਤੋਂ ਬਿਨਾ ਅਮੀਰੀ ਦੇ ਕੋਈ ਅਰਥ ਨਹੀਂ ਹੁੰਦੇ।
ਚਾਪਲੂਸ ਫਟੇ ਹੋਏ ਕੋਟ ਨੂੰ ਵੀ ਸੋਨੇ ਦੇ ਬਟਨ ਲਾ ਦਿੰਦੇ ਹਨ।
ਪਿਆਰ ਵਿਚ ਬਾਹਰਲੇ ਹਨੇਰੇ, ਅੰਦਰਲੀਆਂ ਰੋਸ਼ਨੀਆਂ ਜਗਾ ਦਿੰਦੇ ਹਨ।
ਭੈੜੇ ਵਰਤਾਰਿਆਂ ਬਾਰੇ ਚੰਗੀਆਂ ਗੱਲਾਂ ਕਰਨੀਆਂ ਸੰਭਵ ਨਹੀਂ ਹੰੁਦੀਆਂ।
ਗਾਰੇ ਵਿਚ ਖੁੱਭੇ ਹੋਏ ਪੈਰ, ਨੱਚ ਨਹੀਂ ਸਕਦੇ।
ਪਿਆਰ ਟੁੱਟਣ ਦਾ ਦਰਦ ਹੁੰਦਾ ਹੈ, ਵਿਆਹ ਟੁੱਟਣ ਦਾ ਦੁੱਖ ਹੁੰਦਾ ਹੈ।
ਕੋਈ ਪੂਰੀ ਤਰ੍ਹਾਂ ਦੁਖੀ ਨਹੀਂ ਹੁੰਦਾ, ਕੋਈ ਪੂਰਨਭਾਂਤ ਸੁਖੀ ਵੀ ਨਹੀਂ ਹੁੰਦਾ।
ਘੱਟ ਬੋਲੇ ਅਤੇ ਵੱਧ ਸੁਣੇ ਦਾ ਕਦੇ ਪਛਤਾਵਾ ਨਹੀਂ ਹੁੰਦਾ।
ਮਹਾਨਤਾ ਹਮੇਸ਼ਾ ਸਦੀਆਂ ਵਿਚ ਮਾਪੀ ਜਾਂਦੀ ਹੈ।
ਨਖ਼ਰਾ ਇਸਤਰੀ ਦਾ ਗੁਣ ਅਤੇ ਪੁਰਸ਼ ਦਾ ਔਗੁਣ ਹੁੰਦਾ ਹੈ।
ਹੀਰ, ਸੱਸੀ, ਸੋਹਣੀ ਅਤੇ ਸਾਹਿਬਾਂ ਪਿਆਰ ਦੀਆਂ ਸਜ਼ਾਵਾਂ ਦੇ ਨਾਂ ਹਨ।
ਜੇ ਗ਼ਲਤੀ ਮੰਨ ਲਈ ਜਾਵੇ ਤਾਂ ਮੁਆਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ।
ਪਿਆਰੇ ਅਤੇ ਰੱਬ ਦੀ ਕਦੇ ਵੀ ਇਕੋ ਵੇਲੇ ਇਕੱਠਿਆਂ ਲੋੜ ਨਹੀਂ ਪੈਂਦੀ।
ਹੋਰਾਂ ਦੇ ਦੁੱਖ ਸੁਣ ਕੇ ਸਾਡੇ ਆਪਣੇ ਦੁੱਖ ਸਹਿਣਯੋਗ ਬਣ ਜਾਂਦੇ ਹਨ।